ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣੇ ਹੋਇਆ ਸੀ। ਮੁਢਲੀ ਸਿੱਖਿਆ ਤੋਂ ਬਾਅਦ ਪਦਮ ਨੇ ਪ੍ਰਭਾਕਰ ਅਤੇ ਗਿਆਨੀ ਕੀਤੀ। ਫਿਰ ਉਹ ਸਿੱਖ ਮਿਸ਼ਨਰੀ ਕਾਲਜ਼, ਅੰਮ੍ਰਿਤਸਰ ਵਿੱਚ ਦਾਖਲ ਹੋ ਗਏ ਅਤੇ ਬਾਅਦ ਵਿੱਚ ਇਸੇ ਕਾਲਜ ਵਿੱਚ ਲੈਕਚਰਾਰ ਨਿਯੁਕਤ ਹੋ ਗਏ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਮਾਸਿਕ ਪੱਤ੍ਰਿਕਾ ਗੁਰਦੁਆਰਾ ਗਜ਼ਟ ਦੀ 1948-49 ਵਿੱਚ ਸੰਪਾਦਨਾ ਕੀਤੀ। ਪ੍ਰੋ: ਪਿਆਰਾ ਸਿੰਘ ਪਦਮ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ 1950 ਵਿੱਚ ਨੌਕਰੀ ਦੇ ਦਿੱਤੀ ਅਤੇ ਉਸਨ ਬਾਅਦ ਉਹ ਲਗਪਗ ਸਾਰੀ ਜ਼ਿੰਦਗੀ ਉਹ ਪਟਿਆਲਾ ਸ਼ਹਿਰ ਵਿੱਚ ਹੀ ਪੱਕੇ ਟਿਕ ਗਏ। ਇਸ ਤਰ੍ਹਾਂ ਅਕਤੂਬਰ 1965 ਤੱਕ ਉਹ ਭਾਸ਼ਾ ਵਿਭਾਗ ਨਾਲ ਜੁੜੇ ਰਹੇ। ਅਕਤੂਬਰ 1965 ਤੋਂ ਲੈ ਕੇ ਜਨਵਰੀ 1983 ਤੱਕ ਪਦਮ ਜੀ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਉੱਚੇ ਅਤੇ ਸਨਮਾਨਯੋਗ ਆਹੁਦੇ ਉੱਤੇ ਨਿਯੁਕਤ ਰਹੇ। ਕੁੱਝ ਦੇਰ ਲਈ ਉਹ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁੱਖੀ ਵੀ ਰਹਿ ਚੁੱਕੇ ਹਨ। ਨੌਕਰੀ ਉਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਪ੍ਰੋ: ਪਿਆਰਾ ਸਿੰਘ ਪਦਮ ਜੀ ਸਾਹਿਤਕ ਕਾਰਜਾਂ ਵਿੱਚ ਲੱਗੇ ਰਹੇ।